Tuesday, July 27, 2021

'ਸੁ ਕਹੁ ਟਲ' । 'Su Kahu Tal'...

ਦਾਸ ਦੀ ਨਵੀਂ ਲਿਖੀ ਪੁਸਤਕ 'ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ' ਵਿੱਚੋਂ:
 

ਬੇਨਤੀ ਰੂਪ ਸ਼ਬਦ ਅਰੰਭ ਵਿੱਚ ਪੜ੍ਹਣ ਦੀ ਰੀਤ:- ਹੁਕਮਨਾਮਾ ਲੈਣ ਤੋਂ ਪਹਿਲਾਂ ਮਨ ਨੂੰ ਗੁਰੂ-ਚਰਨਾਂ ਵਿੱਚ ਜੋੜਨ ਹਿਤ ਬੇਨਤੀ ਦੇ ਸ਼ਬਦ ਪੜ੍ਹਨੇ ਚਾਹੀਦੇ ਹਨ। ਆਮ ਤੌਰ ਤੇ ਇਨ੍ਹਾਂ ਸ਼ਬਦਾਂ ਦਾ ਉਚਾਰਨ ਕੀਤਾ ਜਾਂਦਾ ਹੈ:-

(ੳ) ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥   
(ਗਉੜੀ ਮ:੫, ਅੰਗ ੨੫੬)

(ਅ) ਸੁ ਕਹੁ ਕਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥
(ਸਵਈਏ ਮਹਲੇ ਦੂਜੇ ਕੇ, ਭੱਟ ਕਲ, ਅੰਗ ੧੩੯੨)

(ੲ) ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
(ਰਾਮਕਲੀ ਕੀ ਵਾਰ, ਰਾਇ ਬਲਵੰਡਿ ਤਥਾ ਸਤੈ, ਅੰਗ ੯੬੭)


ਨੋਟ:-
ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ ਵਿੱਚ ‘ਸੁ ਕਹੁ ਟਲ’ ਲਿਖਿਆ ਮਿਲਦਾ ਹੈ। ਪਰ ਬਹੁਤ ਸਾਰੇ ਹੱਥ ਲਿਖਤ ਬੀੜਾਂ ਵਿੱਚ ‘ਸੁ ਕਹੁ ਕਲ’ ਲਿਖਿਆ ਮਿਲਦਾ ਹੈ। ਪ੍ਰੌਫੈਸਰ ਪਿਆਰਾ ਸਿੰਘ ਪਦਮ ਜੀ (ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’), ਗਿਆਨੀ ਜੋਗਿੰਦਰ ਸਿੰਘ ਜੀ ਤਲਵਾੜਾ ਜੀ (‘ਭੱਟਾਂ ਦੇ ਸਵਈਏ ਸਟੀਕ’), ਪ੍ਰੌਫੈਸਰ ਸਾਹਿਬ ਸਿੰਘ ਜੀ (‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’), ਗਿਆਨੀ ਹਰਬੰਸ ਸਿੰਘ ਜੀ (‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’), ਭਾਈ ਮਨੋਹਰ ਸਿੰਘ ਮਾਰਕੋ (ਪੁਸਤਕ ‘ਹੱਥ-ਲਿਖਤ ਪ੍ਰਾਚੀਨ ਬੀੜਾਂ ਦੀ ਪਰਿਕਰਮਾ – ਭਾਗ ਪਹਿਲਾ), ਡਾਕਟਰ ਸਰਬਜਿੰਦਰ ਸਿੰਘ ਜੀ (ਪੁਸਤਕ ‘ਗੁਰੂ ਗ੍ਰੰਥ ਸਾਹਿਬ ਸਰੂਪ ਤੇ ਵਿਚਾਰਧਾਰਾ’) ਆਦਿ ਵਿਦਵਾਨਾਂ ਅਨੁਸਾਰ ੧੧ ਭੱਟ ਹਨ, ਅਤੇ ਇਨ੍ਹਾਂ ਭੱਟਾਂ ਵਿੱਚ ਕੋਈ ‘ਭੱਟ ਟਲ’ ਨਹੀਂ ਹੈ ਪਰ ‘ਭੱਟ ਕਲ’ ਹੈ। ਇਸ ਹੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੇ ਅਨੁਸਾਰ ਸਾਰੇ ਭੱਟਾਂ ਦੀਆਂ ਬੰਸਾਵਲੀਆਂ (genealogies) ਮਿਲਦੀਆਂ ਹਨ ਪਰ ਕੋਈ ‘ਭੱਟ ਟਲ’ ਦੀ ਬੰਸਾਵਲੀ ਨਹੀਂ ਮਿਲਦੀ। ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੇ ਪੁਰਾਤਨ ਸਰੂਪਾਂ ਦੀ ਖੋਜ ਅਨੁਸਾਰ ਦਸਿਆ ਕਿ ਕੁਝ ਹੱਥ ਲਿਖਤ ਬੀੜਾਂ ਦੇ ਲਿਖਾਰੀਆਂ ਨੇ ਅਣਜਾਣ ਵਿੱਚ ‘’ ਅਖ਼ਰ ਨੂੰ ‘’ ਭੁਲੇਖੇ ਨਾਲ ਸਮਝ ਕੇ ‘ਕਲ’ ਨੂੰ ‘ਟਲ’ ਲਿਖ ਦਿਤਾ ਗਿਆ ਹੈ ਅਤੇ ਜਦੋਂ ਇਹ ਸਰੂਪਾਂ ਦੇ ਹੋਰ ਉਤਾਰੇ ਹੋਏ ਤਾਂ ਗ਼ਲਤੀ ਨੂੰ ਦਹੁਰਾਇਆ ਗਿਆ। ਇਸ ਤਰ੍ਹਾਂ ‘ਸੁ ਕਹੁ ਟਲ’ ਪਾਠ ਲਿਖਤੀ ਬੀੜਾਂ ਅਤੇ ਫਿਰ ਛਪਾਈ ਵਾਲੇ ਬੀੜਾਂ ਵਿੱਚ ਪ੍ਰਚਲਤ ਹੋ ਗਿਆ ਹੈ।


ਪ੍ਰਾਚੀਨ ਹੱਥ ਲਿਖਤ ਪਾਵਨ ਬੀੜ (ਹਵਾਲਾ: ਕਰਨਲ ਬ੍ਰਿਜਿੰਦਰ ਸਿੰਘ, Punjab Digital Library)


ਪ੍ਰਾਚੀਨ ਹੱਥ ਲਿਖਤ ਪਾਵਨ ਬੀੜ ਵਿੱਚ ‘ਸੁ ਕਹੁ ਕਲ’ ਦਾ ਪਾਠ।


ਪ੍ਰਾਚੀਨ ਹੱਥ ਲਿਖਤ ਪਾਵਨ ਬੀੜ ਵਿੱਚ ‘ਸੁ ਕਹੁ ਕਲ’ ਦਾ ਪਾਠ।
(ਹਵਾਲਾ: ਗੁਰਤੇਜ ਸਿੰਘ ਏ.ਐਸ.ਆਈ., Punjab Digital Library)


ਸੰਨ ੧੭੧੪ ਈ. ਦੀ ਹੱਥ ਲਿਖਤ ਪਾਵਨ ਬੀੜ ਵਿੱਚ ‘ਸੁ ਕਹੁ ਕਲ’ ਦਾ ਪਾਠ। (ਹਵਾਲਾ: Punjab Digital Library)


ਸੰਨ ੧੮੨੩ ਈ. ਦੀ ਹੱਥ ਲਿਖਤ ਪਾਵਨ ਬੀੜ ਵਿੱਚ ‘ਸੁ ਕਹੁ ਕਲ’ ਦਾ ਪਾਠ।
(ਹਵਾਲਾ: ਪਿੰਡ ਲਾਂਗ, ਗੁਰਦੁਆਰਾ ਖਿਰਣੀ ਸਾਹਿਬ)



ਸੰਨ ੧੮੮੬ ਈ. ਦੀ ਲਾਹੌਰ ਵਾਲੀ ਹੱਥ ਲਿਖਤ ਬੀੜ ਵਿੱਚ ‘ਸੁ ਕਹੁ ਕਲ’ ਦਾ ਪਾਠ।
(ਹਵਾਲਾ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)


(ਖੱਬੇ) ਸ. ਰਣਧੀਰ ਸਿੰਘ ਜੀ (ਰੀਸਰਚਰ) ਅਤੇ (ਸੱਜੇ) ਭਾਈ ਗਆਿਨ ਸਿੰਘ ਜੀ ‘ਨਹਿੰਗ’

ਜਨਵਰੀ ੧੯੭੭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਜਿਸ ਦਾ ਨਾਮ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਸੈਂਚੀਆਂ ਅਤੇ ਪੁਰਾਤਨ ਹੱਥ ਲਿਖਤ ਪਾਵਨ ਬੀੜਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’। ਇਸ ਖੋਜ-ਭਰਪੂਰ ਪੁਸਤਕ ਦੇ ਸੰਪਾਦਕ ਸ. ਰਣਧੀਰ ਸਿੰਘ ਜੀ (ਰੀਸਰਚਰ), ਗਿਆਨੀ ਕੁੰਦਨ ਸਿੰਘ ਜੀ ਅਤੇ ਭਾਈ ਗਿਆਨ ਸਿੰਘ ਜੀ ‘ਨਿਹੰਗ’ ਸਨ। ਇਸ ਖੋਜ ਅਨੁਸਾਰ ‘ਸੁ ਕਹੁ ਕਲ’ ਸ਼ੁਧ ਪਾਠ ਮੰਨਿਆ ਗਿਆ ਹੈ ਅਤੇ ‘ਸੁ ਕਹੁ ਟਲ’ ਅਸ਼ੁਧ ਪਾਠ ਮੰਨਿਆ ਗਿਆ ਹੈ।



ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਸੈਂਚੀਆਂ ਅਤੇ ਪੁਰਾਤਨ ਹੱਥ ਲਿਖਤ ਪਾਵਨ ਬੀੜਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ (ਪੰਨਾ ੭੭੭)। ਨੋਟ:- ਪਹਿਲਾ ਕਾਲਮ (column) ਦਾ ਸਿਰਲੇਖ ‘ਪੰਨਾ’ ਹੈ; ਦੂਜਾ ਕਾਲਮ ਦਾ ਸਿਰਲੇਖ ‘ਸਤ੍ਰ’ ਹੈ; ਤੀਜਾ ਕਾਲਮ ਦਾ ਸਿਰਲੇਖ ‘ਪਦਾ ਤੇ ਸ਼ਬਦ ਅੰਕ’ ਹੈ; ਚੌਥਾ ਕਾਲਮ ਦਾ ਸਿਰਲੇਖ ‘ਸ਼ੁਧ ਪਾਠ’ ਹੈ; ਪੰਜਵੇਂ ਕਾਲਮ ਦਾ ਸਿਰਲੇਖ ‘ਬੀੜ ਸੂਚੀ ਨੰਬਰ’ ਹੈ; ਛੇਵੇਂ ਕਾਲਮ ਦਾ ਸਿਰਲੇਖ ‘ਪਤਿ’ ਹੈ; ਅਤੇ ਸਤਵੇਂ ਕਾਲਮ ਦਾ ਸਿਰਲੇਖ ‘ਸਤ੍ਰ’ ਹੈ।

No comments: