Monday, July 22, 2019

ਮੇਰੇ ਦਾਦਾ ਜੀ ਲਈ ਸਿੱਖੀ ਵਰਦਾਨ | The Gift of Sikhi for my Grandfather...

In celebrating of Guru Har Krishan Sahib Ji's Gurpurb, below is a an article that I wrote about my grandfather's story of rediscovering Sikhi that was kindly translated into Punjabi by Bibi Amarjit Kaur (Belgium):


ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਆਗਮਨ ਪੁਰਬ ਦੇ ਸ਼ੁਭ ਮੌਕੇ ਤੇ ਮੈਂ ਆਪਣੇ ਦਾਦਾ ਜੀ ਦੇ ਜੀਵਨ ਵਿੱਚ ਵਾਪਰੀ ਇੱਕ ਅਜਿਹੀ ਸੱਚੀ ਘਟਨਾ ਸੰਗਤਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਸਨੇ ਉਹਨਾਂ ਨੂੰ ਸਿੱਖੀ ਵੱਲ ਆਉਣ ਲਈ ਪ੍ਰੇਰਿਆ।

        ਮੇਰੇ ਦਾਦਾ ਜੀ ਬਖਸ਼ੀਸ਼ ਸਿੰਘ ਭਾਰਤੀ ਫੌਜ਼ ਵਿੱਚ ਨੌਕਰੀ ਕਰਦੇ ਸਨ ਅਤੇ ਉਹਨਾਂ ਦੀ ਰਿਹਾਇਸ਼ ਦਿੱਲੀ ਵਿੱਚ ਸੀ।ਮੇਰੇ ਪਿਤਾ ਜੀ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਦ ਰੋਜ਼ੀ ਰੋਟੀ ਦੀ ਭਾਲ ਵਿੱਚ ਬਰਤਾਨੀਆਂ ਆ ਗਏ ਅਤੇ ਮੇਰਾ ਜਨਮ ਵੀ ਇੱਥੇ ਹੀ ਹੋਇਆ। ਕਦੇ ਕਦੇ ਮੇਰੇ ਸਵਰਗਵਾਸੀ ਦਾਦਾ ਜੀ ਆਪਣੇ ਜੀਵਨ ਦੀਆਂ ਘਟਨਾਵਾਂ ਸਾਡੇ ਨਾਲ ਸਾਂਝੀਆਂ ਕਰਿਆ ਕਰਦੇ ਸਨ ਕਿ ਉਹ ਸਿੱਖੀ ਪ੍ਰਤੀ ਸ਼ੁਰੂ ਤੋਂ ਹੀ ਗੰਭੀਰ ਨਹੀਂ ਸਨ। ਬੇਸ਼ੱਕ ਸਾਬਤ ਸੂਰਤ ਸਨ ਪਰ ਫੌਜ ਦੀ ਨੌਕਰੀ ਕਰਨ ਕਰਕੇ ਮੀਟ ਸ਼ਰਾਬ ਪੀਣ ਦੇ ਆਦੀ ਵੀ ਸਨ। ਗੁਰਬਾਣੀ ਦਾ ਪਾਠ ਵੀ ਕਦੇ ਨਹੀਂ ਕਰਦੇ ਸਨ। 

ਮੈਂ ਆਪ ਜੀ ਨਾਲ ੧੯੫੭ ਵਿੱਚ ਦਿੱਲੀ ਵਿਖੇ ਘਟੀ ਉਹ ਘਟਨਾ ਸਾਂਝੀ ਕਰਨ ਲੱਗਾ ਹਾਂ ਜਿਸਨੇ ਉਹਨਾ ਦੇ ਜੀਵਨ ਨੂੰ ਅਜਿਹਾ ਹਲੂਣਿਆਂ ਕਿ ਉਹ ਗੁਰੂ ਸਾਹਿਬ ਦੇ ਸੱਚੇ ਸੁੱਚੇ ਸ਼ਰਧਾਲੂ ਸਿੱਖ ਬਣ ਗਏ। ਮੇਰੇ ਦਾਦਾ ਜੀ ਦੇ ਇੱਕ ਬਹੁਤ ਹੀ ਨਜ਼ਦੀਕੀ ਦੋਸਤ ਮਨੋਹਰ ਸਿੰਘ ਜੀ ਸਨ ਜੋ ਉਹਨਾਂ ਦੇ ਨਾਲ ਹੀ ਭਾਰਤੀ ਫੌਜ ਦੀ ਨੌਕਰੀ ਕਰਦੇ ਸਨ। ਗੁਰਮੀਤ ਕੌਰ ਨਾਮ ਦੀ ਉਹਨਾਂ ਦੀ ਇੱਕ ਬਹੁਤ ਹੀ ਸੁੰਦਰ ਬੇਟੀ ਸੀ ਜੋ ਦਿੱਲੀ ਦੇ ਕਿਸੇ ਸਕੂਲ਼ ਵਿੱਚ ਬਤੌਰ ਅਧਿਆਪਕਾ ਨੌਕਰੀ ਕਰਦੀ ਸੀ। 

੧੯੫੪ ਵਿੱਚ ਗੁਰਮੀਤ ਕੌਰ ਦਾ ਆਪਣੀ ਕਿਸੇ ਹੋਰ ਸਾਥਣ ਅਧਿਆਪਕਾ ਨਾਲ ਝਗੜਾ ਹੋ ਗਿਆ।ਝਗੜਦਿਆਂ ਝਗੜਦਿਆਂ ਗੁਰਮੀਤ ਕੌਰ ਗੁੱਸੇ ਵਿੱਚ ਐਨੇ ਜੋਰ ਨਾਲ ਚਿਲਲਾਈ ਕਿ ਉਸ ਦੀਆਂ ਅੱਖਾਂ ਦੀ ਜੋਤ ਹੀ ਚਲੇ ਗਈ।ਹੁਣ ਸਿਵਾਏ ਹਨੇਰੇ ਦੇ ਉਹ ਕੁਝ ਵੀ ਨਹੀਂ ਦੇਖ ਸਕਦੀ ਸੀ। ਭਾਈ ਮਨੋਹਰ ਸਿੰਘ ਲਈ ਇਹ ਬੜੀ ਚਿੰਤਾ ਦਾ ਵਿਸ਼ਾ ਸੀ। ਉਹ ਆਪਣੀ ਬੇਟੀ ਨੂੰ ਲੈਕੇ ਤੁਰੰਤ ਹੀ ਡਾਕਟਰ ਕੋਲ ਗਏਾ। ਡਾਕਟਰ ਨੇ ਮਰੀਜ਼ ਨੂੰ ਚੈੱਕ ਕਰਨ ਉਪਰੰਤ ਕਿਹਾ, "ਸਰਦਾਰ ਜੀ ਮੈਨੂੰ ਅਫਸੋਸ ਹੈ ਕਿ ਮੈਂ ਆਪ ਦੀ ਬੇਟੀ ਦਾ ਕੋਈ ਇਲਾਜ਼ ਨਹੀਂ ਕਰ ਸਕਦਾ;ਕਿਉਂਕਿ ਇਸ ਦੇ ਰੋਗ ਦਾ ਕਾਰਣ ਮੇਰੀ ਸਮਝ ਤੋਂ ਬਾਹਰ ਹੈ"। 

ਇਸ ਤੋਂ ਬਾਦ ਭਾਈ ਸਾਹਿਬ ਆਪਣੀ ਬੇਟੀ ਨੂੰ ਲੈਕੇ ਵੱਖਰਿਆਂ ਵੱਖਰਿਆਂ ਹਸਪਤਾਲਾਂ ਵਿੱਚ ਗਏ ਪਰ ਸਭ ਦਾ ਜਵਾਬ ਇੱਕੋ ਹੀ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ। ਮਿਲਟਰੀ ਹਸਪਤਾਲ ਦਾ ਇਲਾਜ਼ ਮੰਨਿਆਂ ਪ੍ਰਮੰਨਿਆਂ ਇਲਾਜ਼ ਹੁੰਦਾ ਹੈ,ਉਥੋਂ ਵੀ ਭਾਈ ਸਾਹਿਬ ਨੂੰ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਪੱਲੇ ਨਾਂ ਪਿਆ। ਕਹਿੰਦੇ ਹਨ ਜਦੋਂ ਬੰਦਾ ਹਰ ਪਾਸੇ ਤੋਂ ਬਿਲਕੁਲ ਨਿਰਾਸ਼ ਹੋ ਜਾਏ ਤਾਂ ਉਦੋਂ ਇੱਕ ਰਾਹ ਅਜੇ ਵੀ ਬਾਕੀ ਹੁੰਦਾ ਹੈ,ਉਹ ਹੈ: 
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ ॥ 
ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥ 

ਭਾਈ ਸਾਹਿਬ ਜੀ ਨੂੰ ਉਹਨਾਂ ਦੇ ਸ਼ੁਭ ਚਿੰਤਕਾਂ ਨੇ ਕਈ ਹੋਰ ਸਿਆਣਿਆਂ ਅਤੇ ਸਾਧੂ ਸੰਤਾਂ ਕੋਲ ਜਾਣ ਲਈ ਕਿਹਾ ਪਰ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਜੀ ਦੇ ਦਰ ਨੂੰ ਛੱਡ ਕੇ ਹੋਰ ਕਿਧਰੇ ਜਾਣਾ ਮੁਨਾਸਬ ਨਾਂ ਸਮਝਿਆ। ਸਾਰਾ ਹਫਤਾ ਕੰਮ ਕਰਦੇ ਅਤੇ ਹਰ ਐਤਵਾਰ ਨੇਮ ਨਾਲ ਉਹ ਆਪਣੀ ਬੇਟੀ ਨੂੰ ਲੈਕੇ ਸਾਈਕਲ ਤੇ ਗੁਰਦਵਾਰਾ ਬੰਗਲਾ ਸਾਹਿਬ ਜਾਂਦੇ। 

ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਰਾਜੇ ਜੈ ਸਿੰਘ ਦੀ ਦਰਸ਼ਨਾਂ ਦੀ ਭਾਵਨਾਂ ਨੂੰ ਮੁਖ ਰੱਖ ਕੇ ਆਏ ਅਤੇ ਇੱਥੇ ਹੀ ਆਪਣੀ ਜਿੰਦਗੀ ਦੇ ਆਖਰੀ ਸੱਤ ਮਹੀਨੇ ਬਿਤਾਏ। ਰਾਜਾ ਜੈ ਸਿੰਘ ਨੇ ਇਹ ਸਥਾਨ ਹਮੇਸ਼ਾਂ ਵਾਸਤੇ ਗੁਰੂ ਸਾਹਿਬ ਨੂੰ ਬਹੁਤ ਹੀ ਸ਼ਰਧਾ ਸਹਿਤ ਭੇਟ ਕਰ ਦਿੱਤਾ। ਇਹਨਾਂ ਦਿਨਾਂ ਦੇ ਦੌਰਾਨ ਦਿੱਲੀ ਵਿੱਚ ਚੇਚਕ ਦਾ ਰੋਗ ਮਹਾਂਮਾਰੀ ਦੇ ਰੂਪ ਵਿੱਚ ਫੈਲ ਗਿਆ। ਗੁਰੂ ਸਾਹਿਬ ਦੇ ਦਰਸ਼ਨਾਂ ਵਿਚ ਹੀ ਐਨੀ ਬਰਕਤ ਸੀ ਕਿ ਮਰੀਜ਼ ਦਰਸ਼ਨ ਕਰਕੇ ਹੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਉਣ ਲੱਗੇ। ਮਹਿਮਾਂ ਦੂਰ ਦੂਰ ਫੈਲਣ ਲੱਗੀ। ਬਿਮਾਰੀ ਤੋਂ ਸਤਾਏ ਮਰੀਜ਼ਾਂ ਦੀ ਆਮਦ ਦਿਨੋਂ ਦਿਨ ਵਧਣ ਲੱਗੀ। ਭੀੜ ਜਿਆਦਾ ਹੋਣ ਕਰਕੇ ਕਈ ਵਾਰ ਦੁਖੀ ਲੋਕਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਾਂ ਹੋ ਸਕਦੇ। ਸੰਗਤਾਂ ਦੀ ਸੌਖ ਨੂੰ ਮੁਖ ਰੱਖ ਕੇ ਗੁਰੂ ਸਾਹਿਬ ਨੇ ਆਪਣੇ ਚਰਨਾਂ ਦੀ ਛੁਹ ਨਾਲ ਇੱਥੇ ਇੱਕ ਝਰਨਾਂ ਪੈਦਾ ਕੀਤਾ। ਇਸ ਜਲ ਨੂੰ ਵਰਤ ਕੇ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ। ਇਹ ਬਰਕਤ ਅੱਜ ਤੱਕ ਜਿਉਂ ਦੀ ਤਿਉਂ ਵਰਤ ਰਹੀ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ਹੈ:-- 
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ। 

ਸਵੇਰੇ ਭਾਈ ਮਨੋਹਰ ਸਿੰਘ ਆਪਣੀ ਬੇਟੀ ਨੂੰ ਲੈਕੇ ਗੁਰਦਵਾਰਾ ਬੰਗਲਾ ਸਾਹਿਬ ਆ ਜਾਂਦੇ, ਸ਼ਾਮ ਤੱਕ ਸੇਵਾ ਵਿਚ ਰੁੱਝੇ ਰਹਿੰਦੇ। ਸੰਗਤਾਂ ਦੇ ਜੋੜਿਆਂ ਦੀ ਸੇਵਾ ਤੋਂ ਵਿਹਲੇ ਹੁੰਦੇ ਤਾਂ ਝਾੜੂ ਦੀ ਸੇਵਾ ਕਰਨ ਲੱਗ ਜਾਂਦੇ, ਉੱਥੋਂ ਵਿਹਲ ਮਿਲਦੀ ਤਾਂ ਬਰਤਨ ਸਾਫ ਕਰਨ ਲੱਗ ਜਾਂਦੇ। ਇਸ ਤਰ੍ਹਾਂ ਸੇਵਾ ਸਿਮਰਨ ਕਰਦਿਆਂ ਸ਼ਾਮ ਨੂੰ ਕੀਰਤਨ ਦੀ ਹਾਜ਼ਰੀ ਭਰ ਕੇ ਘਰ ਵਾਪਸ ਆ ਜਾਂਦੇ।

੧੯੫੪ ਤੋਂ ਸ਼ੁਰੂ ਹੋ ਕੇ ੧੯੫੭ ਤੱਕ ਇਸ ਤਰ੍ਹਾਂ ਘਾਲਨਾ ਘਾਲਦਿਆਂ ਤਿੰਨ ਸਾਲ ਬੀਤ ਗਏ। ਹੁਣ ਤੱਕ ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਘਰ ਕਰ ਗਈ ਸੀ ਕਿ ਗੁਰਮੀਤ ਕੌਰ ਪੂਰੀ ਤਰ੍ਹਾਂ ਅੰਨੀ ਹੋ ਚੁੱਕੀ ਹੈ।ਰੱਬੀ ਭਾਣੇ ਵਿੱਚ ਰਾਜ਼ੀ ਰਹਿੰਦੇ ਹੋਏ ਦੋਨਾਂ ਪਿਉ ਧੀ ਨੇ ਆਪਣਾ ਜੀਵਨ ਪੂਰੀ ਤਰ੍ਹਾਂ ਗੁਰੂ ਸਾਹਿਬ ਦੀ ਸੇਵਾ ਵਿੱਚ ਅਰਪਨ ਕਰ ਦਿੱਤਾ। ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਐਤਵਾਰ ਨੂੰ ਦੋਵੇਂ ਪਿਉ ਅਤੇ ਧੀ ਨੇ ਸਾਰਾ ਦਿਨ ਸੇਵਾ ਵਿੱਚ ਬਿਤਾ ਦਿੱਤਾ। ਸ਼ਾਮ ਪਈ ਕੀਰਤਨ ਸੁਨਣਾ ਸ਼ੁਰੂ ਕਰ ਦਿੱਤਾ। ਰਾਗੀ ਸਿੰਘ ਪ੍ਰੇਮ ਨਾਲ ਕੀਰਤਨ ਕਰ ਰਹੇ ਸਨ:
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ 
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥
(ਅੰਗ ੬੮੧) 

ਸ਼ਬਦ ਦੇ ਦੌਰਾਨ ਗੁਰਮੀਤ ਕੌਰ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਉਸ ਨੇ ਆਪਣੇ ਪਿਤਾ ਜੀ ਨੂੰ ਹਲੂਣ ਕੇ ਕਿਹਾ ਕਿ "ਪਿਤਾ ਜੀ ਮੈਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤਖ ਦਰਸ਼ਨ ਹੋ ਰਹੇ ਹਨ"। ਇਹ ਸੁਣ ਕੇ ਪਿਤਾ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ, "ਐਹ ਵਾਹਿਗੁਰੂ ਬੇਟੀ ਪਹਿਲਾਂ ਤਾਂ ਸਿਰਫ ਅੰਨੀ ਹੀ ਸੀ ਹੁਣ ਝੱਲੀ ਵੀ ਹੋ ਗਈ ਹੈ,ਕਿਰਪਾ ਕਰਕੇ ਇਸ ਤੇ ਰਹਿਮ ਕਰੋ ਮਹਾਂਰਾਜ"! ਗੁਰਬਾਣੀ ਦਾ ਫੁਰਮਾਣ ਹੈ ਕਿ: 
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
(ਅੰਗ ੭੪੯) 

ਗੁਰਮੀਤ ਕੌਰ ਨੇ ਹੁਣ ਪਿਤਾ ਦਾ ਹੱਥ ਬੜੇ ਜੋਰ ਨਾਲ ਹਲੂਣਿਆ ਅਤੇ ਕਹਿਣ ਲੱਗੀ ਕਿ, "ਪਿਤਾ ਜੀ ਮੈਨੂੰ ਡਰ ਲਗ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਹੱਥ ਵਿਚੋਂ ਨਿਕਲਣ ਵਾਲਾ ਪ੍ਰਕਾਸ਼ ਸਿੱਧਾ ਮੇਰੇ ਮੱਥੇ ਵੱਲ ਵੱਧ ਰਿਹਾ ਹੈ"। ਹੁਣ ਮਨੋਹਰ ਸਿੰਘ ਨੂੰ ਜਾਪਣ ਲੱਗਾ ਕਿ ਅਸਲ ਵਿੱਚ ਉਸ ਦੀ ਬੇਟੀ ਝੱਲੀ ਨਹੀਂ ਹੋਈ, ਸਗੋਂ ਗੁਰੂ ਸਾਹਿਬ ਦੀ ਰਹਿਮਤ ਉਸ ਤੇ ਹੋ ਰਹੀ ਹੈ। ਆਪਣੀ ਬੇਟੀ ਨੂੰ ਧਰਵਾਸ ਦਿੰਦੇ ਹੋਏ ਉਸ ਨੇ ਕਿਹਾ, "ਬੇਟਾ ਜੇ,ਮੈਨੂੰ ਦੱਸੋ ਹੁਣ ਕੀ ਹੋ ਰਿਹਾ ਹੈ"? ਗੁਰਮੀਤ ਕੌਰ ਨੇ ਆਖਿਆ, " ਰੌਸ਼ਨੀ ਮੇਰੇ ਹੋਰ ਨੇੜੇ ਆ ਰਹੀ ਹੈ...ਹੋਰ ਨੇੜੇ ਆ ਰਹੀ ਹੈ.....ਅਤੇ ਹੁਣ ਇਹ ਮੇਰੇ ਮੱਥੇ ਵਿੱਚ ਦਾਖਲ ਹੋ ਚੁੱਕੀ ਹੈ"। ਪਿਤਾ ਨੇ ਕਿਹਾ " ਮੇਰੇ ਬੱਚੇ ਅੱਖਾਂ ਖੋਲ੍ਹ"।ਬੇਟੀ ਨੇ ਜਵਾਬ ਦਿੱਤਾ "ਨਹੀਂ ਪਿਤਾ ਜੀ ,ਇਹ ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ ਡਰਦੀ ਹਾਂ ਜੇਕਰ ਮੈਂ ਅੱਖਾਂ ਖੋਲ੍ਹਣ ਤੋਂ ਬਾਦ ਵੀ ਨਾਂ ਦੇਖ ਸਕੀ ਤਾਂ ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਏਗਾ"। 

ਮਨੋਹਰ ਸਿੰਘ ਨੇ ਆਪਣੀ ਬੇਟੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹੌਲੀ ਹੌਲੀ ਅੱਖਾਂ ਜਰੂਰ ਖੋਲ੍ਹੇ। ਪਹਿਲੀ ਵਾਰ ਜਦੋਂ ਗੁਰਮੀਤ ਕੌਰ ਨੇ ਥ੍ਹੋੜੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਸਭ ਕੁਝ ਕਾਲਾ ਕਾਲਾ ਦਿਸਿਆ। ਫਿਰ ਉਸ ਨੇ ਥੋੜ੍ਹੀਆਂ ਜਿਹੀਆਂ ਹੋਰ ਅੱਖਾਂ ਖੋਲ੍ਹੀਆਂ ਤਾਂ ਧੁੰਦਲਾ ਜਿਹਾ ਦਿਸਣ ਲੱਗਾ।ਹੁਣ ਉਸ ਨੇ ਆਪਣੀਆਂ ਪੂਰੀਆਂ ਅੱਖਾਂ ਖੋਲ੍ਹੀਆਂ ਤਾਂ ਉਸਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਸ਼੍ਰਵਣ ਕਰ ਰਹੀ ਸਾਧ ਸੰਗਤ ਦੇ ਦਰਸ਼ਨ ਕੀਤੇ। "ਪਿਤਾ ਜੀ ਮੈਂ ਹੁਣ ਦੇਖ ਸਕਦੀ ਹਾਂ। ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕਰਕੇ ਮੇਰੀ ਗਈ ਹੋਈ ਨਜ਼ਰ ਵਾਪਸ ਕਰ ਦਿੱਤੀ ਹੈ", ਗੁਰਮੀਤ ਕੌਰ ਦੇ ਇਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਹੀ ਮਨੋਹਰ ਸਿੰਘ ਨੇ ਹੜਬੜਾ ਕੇ ਸੰਗਤ ਵਿੱਚ ਉੱਚੀ ਉੱਚੀ ਬੋਲ ਕੇ ਖਲਬਲੀ ਮਚਾ ਦਿੱਤੀ ਕਿ "ਮੇਰੀ ਬੇਟੀ ਦੇਖ ਸਕਦੀ ਹੈ,ਮੇਰੀ ਬੇਟੀ ਦੇਖ ਸਕਦੀ ਹੈ..." ਇਸ ਸਾਰੇ ਰੌਲੇ ਨੂੰ ਸੁਣ ਕੇ ਇੱਕ ਸੇਵਾਦਾਰ ਉੱਠ ਕੇ ਭਾਈ ਮਨੋਹਰ ਸਿੰਘ ਦੇ ਕੋਲ ਆਇਆ ਕਿ ਅਸਲ ਵਿੱਚ ਕਹਾਣੀ ਕੀ ਹੈ? ਸਾਰੀ ਸੰਗਤ ਨੂੰ ਮਨੋਹਰ ਸਿੰਘ ਨੇ ਤਿੰਨ ਸਾਲ ਪਹਿਲਾਂ ਵਾਪਰੀ ਸਾਰੀ ਹੱਡਬੀਤੀ ਸੁਣਾਈ। ਕਹਾਣੀ ਜਾਨਣ ਤੋਂ ਬਾਦ ਸਾਰੀ ਸੰਗਤ ਨੇ ਗੁਰੂ ਮਹਾਂਰਾਜ ਅੱਗੇ ਮਿਲ ਕੇ ਸ਼ੁਕਰਾਨੇ ਦੀ ਅਰਦਾਸ ਕਤੀ। 

ਗੁਰਦਵਾਰਾ ਸਾਹਿਬ ਤੋਂ ਸਿੱਧੇ ਭਾਈ ਮਨੋਹਰ ਸਿੰਘ ਮਠਿਆਈ ਵਾਲੀ ਦੁਕਾਨ ਤੇ ਗਏ। ਲੱਡੂਆਂ ਦਾ ਬੜਾ ਵੱਡਾ ਡੱਬਾ ਖ੍ਰੀਦ ਕੇ ਉਹ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਕੋਲ ਪਹੁੰਚੇ। ਬੂਹੇ ਦੇ ਬਾਹਰ ਹੀ ਉਹਨਾ ਨੇ ਰੌਲਾ ਪਉਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਉਹਨਾਂ ਪਾਸੋਂ ਜਦੋਂ ਸਾਰੀ ਹੋਈ ਬੀਤੀ ਸੁਣੀ ਤਾਂ ਇੱਕ ਦਮ ਹੈਰਾਨ ਰਹਿ ਗਏ। ਗੁਰੂ ਸਾਹਿਬ ਦੀ ਅਸਚਰਜ ਵਡਿਆਈ ਨੇ ਉਹਨਾਂ ਨੂੰ ਅਜਿਹਾ ਹਲੂਣਿਆ ਕਿ ਉਹਨਾਂ ਨੇ ਉਸੇ ਵੇਲੇ ਮੀਟ ਸ਼ਰਾਬ ਛੱਡਣ ਦਾ ਫੈਸਲਾ ਕਰਕੇ ਬਾਣੀ ਅਤੇ ਸਿਮਰਨ ਨੂੰ ਮਨ ਵਿੱਚ ਵਸਾ ਲਿਆ। ਹੁਣ ਉਹ ਜਿੱਥੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ,ਗੁਰਬਾਣੀ ਦਾ ਕੀਰਤਨ ਕਰਦੇ ਉੱਥੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਸਹਿਜ ਪਾਠ ਵੀ ਕਰਨ ਲੱਗ ਪਏ। 

ਨੌਕਰੀ ਤੋਂ ਬਾਦ ਬਾਬਾ ਜੀ ਪਿੰਡ ਚਲੇ ਗਏ। ਪਿੰਡ ਵਿੱਚ ਉਹ ਇੱਕਲੇ ਹੀ ਪੜ੍ਹੇ ਲਿਖੇ ਹੋਣ ਕਰਕੇ ਪਿੰਡ ਵਾਸੀ ਉਹਨਾਂ ਕੋਲ ਚਿੱਠੀ ਪੱਤਰ ਪੜ੍ਹਾਉਣ ਵਾਸਤੇ ਅਕਸਰ ਹੀ ਆਇਆ ਕਰਦੇ ਸਨ। ਜਿੱਥੇ ਬਾਬਾ ਜੀ ਆਏ ਲੋਕਾਂ ਦੇ ਕੰਮ ਸਵਾਰਦੇ ਉੱਥੇ ਉਹਨਾਂ ਨੂੰ ਨਸੀਹਤ ਕਰਦੇ ਕਿ ਜੇਕਰ ਉਹ ਮੂਲ ਮੰਤਰ ਦਾ ਜਾਪ ਕਰਨਗੇ ਅਤੇ ਜਪੁਜੀ ਸਾਹਿਬ ਪੜ੍ਹਣਗੇ ਤਾਂ ਗੁਰੂ ਸਾਹਿਬ ਉਹਨਾਂ ਨੂੰ ਸਫਲਤਾ ਬਖਸ਼ਣਗੇ। 

ਦਾਸ,
ਮਨਵੀਰ ਸਿੰਘ 




1 comment:

Ishpreet said...

Being from Delhi and been to Gurdwara Bangla Sahib so many times, I felt the real essence of blessings from Guru Harkrishan Sahib while reading the post. 👍🏻🙏🏻