Thursday, August 25, 2022

"ਭਾਈ ਮਨਵੀਰ ਸਿੰਘ ਯੂ.ਕੇ." ਦੇ ਨਾਂ ਨੂੰ ਲੈ ਕੇ ਭੰਬਲਭੂਸਾ । Confusion over the name of "Bhai Manvir Singh UK" (Panjabi Version)

ਫੇਕ ਆਈਡੀਆਂ ਪਿੱਛੇ ਲੁਕ ਕੇ ਝੂਠੀਆਂ ਗੱਲਾਂ ਬਣਾਉਣੀਆਂ ਤੇ ਹਾਸੋਹੀਣੇ ਕਮੈਂਟ ਕਰਨੇ ਦਾਸ ਤੇ ਬਾਕੀ ਸਾਰੀ ਦੁਨੀਆਂ ਲਈ ਕੋਈ ਨਵੀਂ ਗੱਲ ਨਹੀਂ ਹੈ। ਇਹ ਹੀ ਸਮਝ ਆਉਂਦੀ ਹੈ ਕਿ ਇਹ ਲੋਕ ਮਾਨਸਕਿ ਤੌਰ ਤੇ ਬਿਮਾਰ ਹਨ ਜਾਂ ਈਰਖਾ ਤੇ ਨਫ਼ਰਤ ਦੇ ਭਰੇ ਪਏ ਹਨ। ਝੂਠ ਤਾਂ ਲੋਕੀ ਬੋਲਦੇ ਹੀ ਸਨ, ਪਰ ਹੁਣ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਨੂੰ ਵੀ ਨਹੀਂ ਬਖਸ਼ਿਆ। ਝੂਠੀ ਖ਼ਬਰ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਾਸ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਦਾਸ ਤੇ ਦੋਸ਼ ਲਾਇਆ ਗਿਆ ਹੈ ਕਿ ਦਾਸ ਨੇ ਬਰਮਿੰਘਮ (ਯੂ.ਕੇ.) ਵਿੱਚ ਇੱਕ ‘ਸਤਿਕਾਰ ਕਮੇਟੀ’ ਬਣਾਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪਾਂ ਦੀ ਸਾਂਭ ਸੰਭਾਲ ਦੀ ਸੇਵਾ ਕਰਨ ਦੇ ਨਾਮ ਹੇਠ ਬੇਅਦਬੀਆਂ ਕੀਤੀਆਂ ਹਨ ਅਤੇ ਇਸ ਸੇਵਾ ਦੇ ਨਾਮ ਹੇਠ ਸੰਗਤਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕੀਤੇ ਹਨ। ਪਹਿਲੀ ਗੱਲ ਦਾਸ ਬਰਮਿੰਘਮ ਵਿੱਚ ਨਹੀਂ ਰਹਿੰਦਾ। ਦੂਜੀ ਗੱਲ ਸਤਿਕਾਰ ਕਮੇਟੀ ਯੂ.ਕੇ. ਨੂੰ ਸਥਾਪਤ ਕਰਨਾ ਤਾਂ ਦੂਰ ਦੀ ਗੱਲ ਹੈ, ਦਾਸ ਤਾਂ ਇਸ ਸੰਸਥਾ ਦਾ ਮੈਂਬਰ ਵੀ ਨਹੀਂ ਹੈ! ਜਦੋਂ ਦਾਸ ਨੇ ਪਹਿਲੀ ਵਾਰ ਚਿੱਠੀ ਪੜ੍ਹੀ, ਤਾਂ ਮੈਂ ਸੋਚਿਆ, "ਕੋਈ ਕਮਲਾ ਬੰਦਾ ਇਹ ਨਾ ਸੋਚ ਲਵੇ ਕਿ ਇਹ ਮਨਵੀਰ ਸਿੰਘ ਮੈਂ ਹੀ ਹਾਂ!"


ਅਸਲੀਅਤ ਇਹ ਹੈ ਕਿ ਇਹ ਪੱਤਰ ਬਾਬਾ ਸੰਘ ਗੁਰਦੁਆਰਾ ਸਮੈਥਵਿਕ (ਬਰਮਿੰਘਮ, ਯੂ.ਕੇ.) ਨੂੰ ਸੰਬੋਧਿਤ ਕੀਤਾ ਗਿਆ ਸੀ। ਉਸ ਵਿੱਚ ਲਿਖਿਆ ਗਿਆ ਹੈ ਕਿ 'ਸਤਿਕਾਰ ਕਮੇਟੀ ਯੂ.ਕੇ' ਬਣਾਉਣ ਵਾਲੇ 'ਮਨਵੀਰ ਸਿੰਘ ਯੂ.ਕੇ' ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਬੇਅਦਬੀ ਕਰਨ ਦੇ ਦੋਸ਼ ਲਾਏ ਗਏ ਸਨ ਜਿੰਨਾ ਦੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਸੱਲੀਬਖ਼ਸ਼  ਜਵਾਬ ਦੇਣ ਵਿੱਚ ਅਸਫਲ ਰਹੇ। ਇਸ ਦੇ ਨਾਲ ਉਨ੍ਹਾਂ ਉੱਤੇ ਗੰਭੀਰ ਦੋਸ਼ ਲਾਏ ਗਏ ਕਿ 'ਸਤਿਕਾਰ ਕਮੇਟੀ ਯੂ.ਕੇ' ਦੀ ਸੇਵਾ ਦੇ ਨਾਮ ਹੇਠ ਬੇਈਮਾਨੀ ਨਾਲ ਪੈਸੇ ਇਕੱਠੇ ਕੀਤੇ ਗਏ ਹਨ।


ਐਤਵਾਰ ਨੂੰ, ਫ਼ਰਾਂਸ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ, ਮੈਨੂੰ ਕਿਸੇ ਨੇ ਇੱਕ ਫੇਸਬੁੱਕ ਪੇਜ ਦੀ ਪੋਸਟ ਭੇਜੀ। ਉਸ ਪੋਸਟ ਵਿੱਚ ਵੀਡੀਓ ਦਿੱਤੀ ਗਈ ਸੀ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਤਸਵੀਰ ਲਾਈ ਹੋਈ ਸੀ ਅਤੇ ਤਸਵੀਰ ਦੇ ਹੇਠਾਂ ਪੰਜਾਬੀ ਵਿੱਚ ਲਿਖਿਆ ਗਿਆ ਸੀ, "ਮਨਵੀਰ ਸਿੰਘ ਯੂ.ਕੇ. ਦਾ ਜਥੇਦਾਰ ਨੇ ਬਾਈਕਾਟ ਕਰਨ ਦਾ ਸੰਗਤ ਨੂੰ ਦਿੱਤਾ ਸੁਨੇਹਾ"। ਜਦੋਂ ਦਾਸ ਨੇ ਇਸ ਵੀਡੀਓ 'ਤੇ ਕਲਿੱਕ ਕੀਤਾ, ਤਾਂ ਦਾਸ ਨੇ ਆਪਣੀਆਂ ਹੀ ਵੱਖ ਵੱਖ ਫੋਟੋਆਂ ਦੇਖੀਆਂ ਤੇ ਲਿੱਖੇ ਹੋਏ ਝੂਠ ਨੂੰ ਦੁਹਰਾਇਆ ਗਿਆ। ਵੀਡੀਓ ਵਿੱਚ ਖੋਜ ਕਰਨ ਜਾਂ ਅਸਲੀ ਜਾਣਕਾਰੀ ਪੇਸ਼ ਕਰਨ ਦਾ ਉੱਦਮ ਬਿਲਕੁਲ ਨਹੀ ਮਿਲਿਆ, ਜਿਸ ਕਰਕੇ ਬਹੁਤ ਸਾਰੀਆਂ ਸੰਗਤਾਂ ਵਿੱਚ ਗਲਤ ਜਾਣਕਾਰੀ ਫੈਲਾਈ ਗਈ ਅਤੇ ਬੇਲੋੜਾ ਸ਼ੰਕਾ ਪੈਦਾ ਕੀਤਾ ਗਿਆ। ਇਹ ਸਪੱਸ਼ਟ ਜਾਪਦਾ ਹੈ ਕਿ ਕਿਸੇ ਈਰਖਾਲੂ ਤੇ ਨਫਰਤ ਪੈਦਾ ਕਰਨ ਵਾਲੇ ਅਨਸਰ ਨੂੰ ਝੂਠੀ ਜਾਣਕਾਰੀ ਫੈਲਾਉਣ ਦਾ ਇੱਕ ਮੌਕਾ ਮਿਲਿਆ ਹੈ।


ਦਾਸ ਮੁੜ ਦੁਬਾਰਾ ਸੰਗਤਾਂ ਲਈ ਸਪੱਸ਼ਟ  ਕਰਨਾ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਵਿੱਚ ਜ਼ਿਕਰ ਕੀਤੇ ਹੋਏ ਯੂ.ਕੇ ਦੇ 'ਭਾਈ ਮਨਵੀਰ ਸਿੰਘ' ਦਮਦਮੀ ਟਕਸਾਲ ਯੂ.ਕੇ. ਨਾਲ ਸੰਬੰਧ ਰੱਖਣ ਵਾਲੇ ਹਨ, ਸਤਿਕਾਰ ਕਮੇਟੀ ਯੂ.ਕੇ. ਦੇ ਮੁੱਖੀ ਹਨ, ਅਤੇ ਬਰਮਿੰਘਮ (ਯੂ.ਕੇ.) ਵਿੱਚ ਰਹਿੰਦੇ ਹਨ। ਇਹ ਭਾਈ ਮਨਵੀਰ ਸਿੰਘ ਹੋਰ ਵੀ ਨਾਵਾਂ ਨਾਲ ਜਾਣੇ ਜਾਂਦੇ ਹਨ ਜਿਵੇਂ ਕਿ ‘ਮਨੀਪਾਲ’, ‘ਮੰਨਾ’ ਅਤੇ ‘ਮਨਬੀਰ ਸਿੰਘ’। ਵੱਖ-ਵੱਖ ਨਾਵਾਂ ਨਾਲ ਜਾਣੇ ਜਾਣ ਕਾਰਨ ਸੰਗਤਾਂ ਵਿੱਚ ਕਦੇ-ਕਦਾਈਂ ਉਨ੍ਹਾਂ ਦੇ ਅਸਲੀ ਨਾਮ ਬਾਰੇ ਗਲਤੀ ਲੱਗ ਜਾਂਦੀ ਹੈ।

ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦੀ ਹੈ ਜਿੰਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਗਲਤ ਵੀਡੀਓ ਪੋਸਟ ਕਰਨ ਵਾਲੇ ਫੇਸਬੁੱਕ ਪੇਜ ਨਾਲ ਸੰਪਰਕ ਕਰਕੇ ਇਸਨੂੰ ਹਟਾ ਦਿੱਤਾ। ਬੇਸ਼ੱਕ ਵੀਡੀਓ ਨੂੰ ਹਟਾ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਨੂੰ ੬ ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਇਸਨੂੰ ਹੋਰਨਾਂ ਨਾਲ ਸਾਂਝਾ ਵੀ ਕੀਤਾ ਹੈ। ਲੋਕਾਂ ਨੂੰ ਕੋਈ ਵੀ ਖਬਰ ਜ਼ਿੰਮੇਵਾਰੀ ਨਾਲ ਸਾਂਝੀ ਕਰਨੀ ਚਾਹੀਦੀ ਹੈ, ਤੇ ਇਸ ਦੇ ਨਾਲ ਨਾਲ ਵਾਹਿਗੁਰੂ ਜੀ ਦੇ ਭੈ  ਵਿੱਚ ਰਹਿ ਕੇ ਨਿੰਦਿਆ ਕਰਨ ਦੇ ਗੰਭੀਰ ਪਾਪ ਤੋਂ ਬਚਣਾ ਚਾਹੀਦਾ ਹੈ।

ਕੁਝ ਲੋਕ ਯੂ.ਕੇ. ਦੀ ਦਮਦਮੀ ਟਕਸਾਲ ਤੇ 'ਸਤਿਕਾਰ ਕਮੇਟੀ' ਦੇ ਭਾਈ ਮਨਵੀਰ ਸਿੰਘ ਦੇ ਬਾਈਕਾਟ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਦਾ ਅੰਗਰੇਜ਼ੀ ਅਨੁਵਾਦ ਸਾਂਝਾ ਕਰ ਰਹੇ ਹਨ, ਪਰ ਇਹ ਗੱਲ ਸਪਸ਼ਟ ਨਹੀਂ ਕਰ ਰਹੇ ਹਨ ਕਿ ਕਿਸ ਮਨਵੀਰ ਸਿੰਘ ਯੂ.ਕੇ. ਦੀ ਗੱਲ ਹੋ ਰਹੀ ਹੈ। ਇਸ ਦੇ ਨਤੀਜੇ ਵਜੋਂ ਜਾਣੇ-ਅਣਜਾਣੇ ਵਿੱਚ ਦਾਸ ਬਾਰੇ ਗਲਤ ਜਾਣਕਾਰੀ ਅਤੇ ਭੰਬਲਭੂਸਾ ਫੈਲਾ ਰਹੇ ਹਨ।

ਰੱਬ ਹੀ ਰਾਖਾ!

No comments: