Friday, May 11, 2018

Article: Is repeating 'Vahiguru' Naam? A Gurmat response...


ਕੀ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਹੈ? 
ਇੱਕ ਸੁਆਲ ਦੇ ਜੁਆਬ'ਚ ਵੀਚਾਰ 
Author: Bhai Jarnail Singh Delhi

ਦਾਸ ਵਿੱਚ ਨਾਮ ਦੇ ਸੰਬੰਧ ਚ ਕਲਮ ਚੁੱਕਣ ਦੀ ਯੋਗਤਾ, ਸਮਰੱਥਾ ਨਹੀਂ। ਨਿਗੂਣੀ ਸਮਝ ਤੋਂ ਟੂਕ ਮਾਤਰ ਕੋਸ਼ਿਸ਼ ਕਰ ਰਿਹਾ ਹਾਂ। 

ਵਾਹਿਗੁਰੂ ਗੁਰਮੰਤ੍ ਹੈ। ਗੁਰਮੰਤ੍ ਦਾ ਅਭਿਆਸ ਵੀ ਨਾਮ ਬਣ ਜਾਂਦਾ ਹੈ। ਨਾਮ ਸਿਰਫ ਇੱਕ ਅੱਖਰ ਨਹੀਂ ਪਰ ਓਸ ਦੀ ਯਾਦ ਤੇ ਵਿਚਾਰ ਵਿੱਚ ਭਿੱਜਿਆ ਹੋਇਆ ਅੱਖਰ ਨਾਮ ਹੋਇ ਵਰਤਦਾ ਹੈ। ਜਿਸ ਤਰ੍ਹਾਂ ਸਿਰਫ "ਮਾਂ" ਕਹਿਣ ਨਾਲ ਮਾਂ ਦਾ ਸਰੂਪ, ਗੁਣ, ਪਿਆਰ, ਕੀਤੇ ਉਪਕਾਰ ਹਿਰਦੇ ਵਿੱਚ ਯਾਦ ਬਣ ਜਾਂਦੀ ਹੈ ਓਸੇ ਤਰ੍ਹਾਂ ਰੱਬ ਦੇ ਨਾਮ ਨੂੰ ਚਿਤਾਰਨ ਨਾਲ ਓਸਦੇ ਗੁਣ ਹਿਰਦੇ ਚ ਪਰਗਟ ਹੁੰਦੇ ਹਨ। ਇਹ ਦੋਨੋ ਢੰਗਾਂ ਨਾਲ ਹੁੰਦਾ ਹੈ। ਗੁਣ ਗਾਉਂਦੇ, ਪੜਦੇ, ਵੀਚਾਰਦੇ ਆਪਮੁਹਾਰੇ ਵਾਹੁ ਵਾਹੁ ਵਾਹਿਗੁਰੂ ਵਾਹਿਗੁਰੂ ਵੀ ਆਰੰਭ ਹੋ ਜਾਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ'ਚ ਧਿਆਨ ਜੋੜਿਆਂ ਓਸਦੇ ਗੁਣ ਪਰਗਟ ਹੋਣ ਲੱਗ ਪੈਂਦੇ ਹਨ। ਪਰ ਓਸ ਦੀ ਨਦਰਿ, ਕਿਰਪਾ, ਬਖਸ਼ਿਸ਼ ਤੋਂ ਬਿਨਾ ਨਹੀਂ। ਧੰਨੁ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ: 
"ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ।। 
ਪੂਰੇ ਸਬਦਿ ਪ੍ਰਭੁ ਮਿਲਿਆ ਆਈ ।। 
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ।।"
ਅਵਸਥਾ ਇਹ ਵੀ ਹੋ ਜਾਂਦੀ ਹੈ ਕੇ: 
"ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰ ਕਟੀਐ ।।"

ਪਰਮਾਤਮਾ ਸਰਿਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧ ਸਭ ਅਵਸਥਾਵਾਂ ਵਿੱਚ ਵਰਤ ਰਿਹਾ ਹੈ ਪਰ ਜਗਤ ਉਧਾਰ ਗੁਰ ਪਰਮੇਸ਼ਰ ਰੂਪ ਚ ਕਰਦਾ ਹੈ ਤੇ ਗੁਰ ਪਰਮੇਸਰ ਗੁਰੂ ਦੀ ਵਾਹੁ ਵਾਹੁ, ਵਾਹਿਗੁਰੂ ਹੋ ਨਿਬੜਦੀ ਹੈ ਤੇ ਬਹੁਤ ਸੋਹਣੇ ਢੰਗ ਨਾਲ ਪਰਮਾਤਮਾ ਦੀ ਉਸਤਤਿ ਵਾਹੁ ਵਾਹੁ ਵਾਹਿਗੁਰੂ ਸਬਦਿ ਰੂਪ ਚ ਹੋਣ ਲੱਗ ਪੈਂਦੀ ਹੈ, ਪਰ ਹੋਵੇ ਹਿਰਦੇ ਨਾਲ, ਭਾਵਨਾ ਸੰਪੂਰਣ। ਸਿਰਫ ਮੂੰਹ ਨਾਲ ਕਹਿਣਾ ਹਵਾ ਦਾ ਅੰਦਰ ਆਣਾ ਜਾਣਾ ਹੈ। ਆਸਾ ਦੀ ਵਾਰ ਕਹਿੰਦੀ ਹੈ: 
"ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ।।
"ਮਨਮੁਖਿ ਹਰਿ ਹਰਿ ਕਰ ਥਕੇ ਮੈਲੁ ਨ ਸਕੈ ਧੋਇ ।।"

ਗੁਰਬਾਣੀ ਅਤੇ ਨਾਮ ਵੱਖਰੇ ਨਹੀਂ ਹਨ। ਗੁਰਬਾਣੀ, ਨਾਮੀ (ਪਰਮੇਸ਼ਰ) ਚ ਅਭੇਦ ਪੂਰੇ ਗੁਰਦੇਵ ਦੀ ਸੁਰਤ ਵਿੱਚੋਂ ਨਿਕਲੇ ਓਹ ਸਬਦਿ ਹਨ ਜੋ ਨਾਮ ਦਾ ਹੀ ਵਿਸਤਾਰ, ਗੁਣਾਂ ਦੇ ਲਖਾਇਕ ਹਨ ਤੇ "ਗੁਣ ਕਹਿ ਗੁਣੀ ਸਮਾਵਣਿਆ" ਦੇ ਗੂੜ ਭੇਦ ਨੂੰ ਸਹਿਜੇ ਪ੍ਰਗਟ ਕਰਦੇ ਹਨ। ਗੁਰਬਾਣੀ ਦਾ ਇੱਕ ਚਿੱਤ, ਸੁਨਣਾ, ਗਾਉਣਾ, ਪੜਨਾ ਵੀ ਨਾਮ ਧਿਆਉਣਾ ਹੋ ਨਿਬੜਦਾ ਹੈ ਜੇ ਹਿਰਦੈ ਨਾਮ ਦਿ੍ੜ ਹੋਵੇ। ਕਿਉਂ ਜੋ ਧਿਆਨ ਦੀ ਇਕਾਗਰਤਾ ਸੋਖੀ ਨਹੀਂ ਐਸ ਲਈ ਕੀਰਤਨ ਦੇ ਸਹਾਰੇ ਸੁਰਤਿ ਨੂੰ ਟਿਕਾ ਕੇ ਭਾਵ ਨੂੰ ਪ੍ਰਬਲ ਕਰ ਗਿਆਨ ਦਾ ਪ੍ਰਕਾਸ਼ ਕਰਨ ਦੀ ਮਹਾਨ ਬਖਸ਼ਿਸ਼ ਗੁਰੂ ਨੇ ਸਾਡੇ ਵਿਕਾਰਾਂ ਚ ਲਿਬੜੇ, ਮੈਲ ਕੁਚੈਲੇ ਮਨਾਂ ਲਈ ਕੀਤੀ ਹੈ। 

ਕੀਰਤਨ ਤੋਂ, ਜੱਸ ਗਾਉਣ ਕਰਕੇ ਵੀ ਨਾਉਂ ਉਪਜਦਾ ਹੈ, ਤੇ ਪੰਜ ਪਿਆਰਿਆਂ ਸਨਮੁੱਖ "ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ।।" ਵਾਲੇ ਸਮਰਪਣ ਤੇ ਗੁਰਮੰਤਰ ਦੀ ਬਖਸ਼ਿਸ਼ ਹੁੰਦੀ ਹੈ ਤੇ ਦਿ੍ੜ ਕੀਤਿਆਂ ਨਾਉ ਉਪਜਦਾ ਹੈ, ਇਹ ਨਾਮ ਸਰੂਪ ਹੀ ਹੈ: 
"ਸਭਿ ਜਾਇ ਮਿਲਹੁ ਸਤਿਗੁਰੂ ਕੋ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ।।

ਗੁਰਬਾਣੀ ਵਿੱਚ ਹਰਿ ਹਰਿ ਤੋਂ ਭਾਵ ਬਾਰ ਬਾਰ ਜਪਣ, ਸਿਮਰਨ ਤੋਂ ਹੈ। 
"ਬਾਰੰ ਬਾਰ ਬਾਰ ਪ੍ਰਭੁ ਜਪੀਐ, ਪੀ ਅੰਮ੍ਰਿਤ ਇਹੁ ਮਨੁ ਤਨੁ ਧ੍ਰਪੀਐ ।।

ਨਾਮ ਪ੍ਰਭੂ ਦਾ ਜੱਪਣਾ ਹੈ ਤੇ ਓਸਦਾ ਕੋਈ ਨਾਮ ਨਹੀਂ। ਕੋਈ ਸਰੂਪ ਨਹੀਂ ਪਰ ਸਭ ਸਰੂਪ ਓਸਦੇ ਹਨ, ਨਿਰਗੁਣ ਵੀ ਹੈ ਤੇ ਸਰਗੁਣ ਵੀ ਆਪ ਹੀ, ਨਿਰ ਤੋਂ ਆਕਾਰ ਵੀ ਆਪ ਹੀ ਤੇ ਸੁੰਨ ਸਮਾਧ ਵੀ ਆਪ ਹੀ। ਸੰਪੂਰਣ ਬ੍ਰਹਿਮੰਡ ਵੱਖ ਵੱਖ ਅਵਸਥਾਵਾਂ ਚ ਹੈ ਤੇ ਹਰਿ ਸਰੂਪ ਚ ਓਹ ਆਪ ਹੈ। ਹਰਿ, ਗੋਪਾਲ, ਰਾਮ, ਮਾਧੋ, ਕਰੀਮ, ਰਹੀਮ....ਸਭ ਓਸ ਦੇ ਗੁਣਾਂ ਦੇ ਲਖਾਇਕ ਹਨ, ਵਿਅਕਤੀ ਨਹੀਂ। ਸਤਿਨਾਮ ਪਰਾ ਪੂਰਬਲਾ ਹੈ। 
"ਕਿਰਤਮ ਨਾਮ ਕਥੈ ਤੇਰੇ ਜਿਹਬਾ, ਸਤਿ ਨਾਮ ਤੇਰਾ ਪਰਾ ਪੂਰਬਲਾ ।।

ਧੰਨ ਗੁਰੂ ਨਾਨਕ ਸਾਹਿਬ ਇਹ ਸਬਦਿ ਆਖ ਗੱਲ ਮੁਕਾ ਦਿੰਦੇ ਹਨ ਕੇ "ਸਿਰੁ ਨਾਨਕ ਲੋਕਾ ਪਾਵ ਹੈ, ਕੁਰਬਾਣੁ ਜਾਉ ਜੇਤੇ ਤੇਰੇ ਨਾਵ ਹੈ ।।"........ਇਹ ਗੂੰਗੇ ਦੀ ਮਿਠਿਆਈ ਹੈ, ਕਹਿਣ ਕਹਾਉਣ ਤੋਂ ਬਾਹਰ ਹੈ। ਪੰਜ ਪਿਆਰਿਆਂ ਤੋਂ ਗੁਰੂ ਦੀ ਹਜੂਰੀ ਗੁਰਮੰਤਰ ਨਾਮ ਦ੍ਰਿੜ ਕਰਕੇ ਜਪੀਐ, ਕਿੰਤੂ ਪਰੰਤੂ ਛੱਡ ਆਪਾ ਅਰਪਣ ਕਰ ਨਿਤਨੇਮ, ਕੀਰਤਨ ਚ ਜੁੜ ਪ੍ਰੇਮ ਪ੍ਰਬਲ ਕਰੀਏ। ਸਾਰੀ ਖੇਡ ਪ੍ਰੇਮ ਦੀ ਹੈ, ਪ੍ਰੇਮ ਪੈ ਗਿਆ ਤਾਂ ਸਮਝੋ ਨਦਰਿ ਹੋ ਰਹੀ ਹੈ ਤੇ ਜੇ ਖੁਸ਼ਕੀ ਹੈ, ਤਾਂ ਫੇਰ ਹੱਥ ਜੋੜ ਬੇਨਤੀ ਕਰੀਏ। ਜੱਲ ਚ ਉਤਰੇ ਬਿਨਾ ਕਿਨਾਰੇ ਬਹਿ ਕੋਈ ਤੈਰਨਾ ਨਹੀਂ ਸਿਖ ਸਕਦਾ....ਸੰਸਾਰ ਸਾਗਰ ਤੋਂ ਤਾਰਨ ਵਾਲਾ ਕਿਰਪਾ ਕਰੇਗਾ। 

ਭੁੱਲ ਚੁੱਕ ਦੀ ਖਿਮਾਂ.

No comments: