Thursday, February 24, 2022

ਸੋ ਦਰੁ ਰਹਿਰਾਸ । Sodar Rehraas

ਦਾਸ ਦੀ ਨਵੀਂ ਲਿਖੀ ਪੁਸਤਕ 'ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ' ਵਿੱਚੋਂ:

ਸੋ ਦਰੁ ਰਹਿਰਾਸ:- ਇਸ ਬਾਣੀ ਦੇ ਪ੍ਰਚਲਤ ਨਾਮ ‘ਸੋ ਦਰੁ’, ‘ਰਹਿਰਾਸ ਸਾਹਿਬ’ ਅਤੇ ‘ਸੋ ਦਰੁ ਰਹਿਰਾਸ’ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਬਾਣੀ ਦਾ ਸਿਰਲੇਖ ‘ਸੋ ਦਰੁ’ ਲਿਖਿਆ ਹੈ। ‘ਰਹਰਾਸਿ’ ਦੋ  ਸ਼ਬਦਾਂ ਨਾਲ  ਬਣਿਆਂ ਹੈ:  ‘ਰਹ’ +  ‘ਰਾਸਿ’। ‘ਰਹ’  ਦਾ ਭਾਵ ਰਸਤਾ ਅਤੇ ‘ਰਾਸਿ’ ਦਾ ਭਾਵ ਪੂੰਜੀ। ਸੋ ਰਹਿਰਾਸ ਦਾ ਅਰਥ ਹੈ – ਰਸਤੇ ਦੀ ਪੂੰਜੀ। ਇਸੇ ਬਾਣੀ ਵਿੱਚ ਹੁਕਮ ਹੈ: ‘…ਹਰਿ ਕੀਰਤਿ ਹਮਰੀ ਰਹਰਾਸਿ ॥’ ਵਾਹਿਗੁਰੂ ਜੀ ਦੇ ਨਾਮ ਦੀ ਕੀਰਤੀ ਹੀ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈ। ਰਹਿਤਨਾਮਿਆਂ ਵਿੱਚ ਭਾਈ ਨੰਦ ਲਾਲ ਸਿੰਘ ਜੀ ਨੇ ਇਸ ਬਾਣੀ ਨੂੰ ਰਹਿਰਾਸ ਦੇ ਨਾਮ ਕਰਕੇ ਲਿਖਿਆ ਹੈ।

ਅੱਜ ਦੇ ਸਮੇਂ ਦਾ ਮੂਲ ਰਹਿਰਾਸ ਸਾਹਿਬ ਦਾ ਪਾਠ ਕੇਵਲ ਇੱਕ ਨਿਰੰਤਰ ਬਾਣੀ ਦਾ ਪਾਠ ਨਹੀਂ ਹੈ। ਅਸਲ ਵਿੱਚ ਮੂਲ ਰਹਿਰਾਸ ਸਾਹਿਬ ਦਾ ਪਾਠ ਪੰਜ ਵਖਰੀਆਂ ਬਾਣੀਆਂ ਦੇ ਸੰਗ੍ਰਹਿ ਦਾ ਨਾਮ ਹੈ, ਜੋ ਕਿ ਦਸਮ ਪਾਤਿਸ਼ਾਹ ਜੀ ਦੇ ਵੇਲੇ ਤੋਂ ਸ਼ਾਮ ਦਾ ਨਿਤਨੇਮ ਹੈ।


(੧)    ‘ਸੋ ਦੁਰ’ ਦੀ ਬਾਣੀ (ਅੰਗ ੮-੧੦)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸੋ ਦਰ ਤੇਰਾ ਕੇਹਾ ਸੋ ਘਰੁ ਕੇਹਾ…’ ਨਾਲ ‘ਆਸਾ’ ਅਤੇ ‘ਗੂਜਰੀ’ ਰਾਗਾਂ ਵਿੱਚੋਂ ਹੋਰ ਚਾਰ ਸ਼ਬਦ ਜੋੜ ਕੇ ਇਸ ਬਾਣੀ ਨੂੰ ‘ਸੋ ਦਰੁ’ ਦਾ ਸਿਰਲੇਖ ਦਿੱਤਾ। ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ‘ਸੋ ਦਰੁ’ ਦੇ ਲਿਖੇ ਹੋਏ ਮੰਗਲ ਅਤੇ ਸਿਰਲੇਖ ਦਾ ਮਤ-ਭੇਦ ਹੈ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ, ਸੈਂਚੀਆਂ ਅਤੇ ਗੁੱਟਕਿਆਂ ਵਿੱਚ ‘ਸੋ ਦਰੁ ਰਾਗੁ ਆਸਾ ਮਹਲਾ ੧’ ਦਾ ਸਿਰਲੇਖ ਹੈ ਅਤੇ ਫਿਰ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਲਿਖਿਆ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਪਹਿਲਾਂ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਲਿਖਿਆ ਹੈ ਅਤੇ ਫਿਰ ਸਿਰਲੇਖ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ੧- ਰਾਗ ਦਾ ਨਾਮ (ਰਾਗੁ ਆਸਾ), ੨- ਮਹਲਾ ਨੁੰ (ਮਹਲਾ ੧) ਅਤੇ ੩- ਬਾਣੀ ਦਾ ਨਾਮ (ਸੋ ਦਰੁ)।


ਸੰਨ ੧੬੪੦ ਈ. ਦੀ ਭਾਈ ਬਿਧੀ ਚੰਦ ਜੀ ਵਾਲੀ ਹੱਥ ਲਿੱਖਤ ਬੀੜ।


ਸੰਨ ੧੬੯੫ ਈ. ਦੀ ਰਾਮਰਾਇ ਵਾਲੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਇਹ ਉਸ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)


ਸੰਨ ੧੭੧੪ ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: Punjab Digital Library)

 
ਸੰਨ ੧੭੩੩ ਈ. ਦੀ ਮਾਈ ਦੇਸਾ ਜੀ ਵਾਲੀ ਪਾਵਨ ਬੀੜ। (ਹਵਾਲਾ: Punjab Digital Library)


ਸਿੱਖ ਰੈਫਰੇਂਸ ਲਾੲਬ੍ਰੀ ਮੁਤਾਬਕ ਇਹ ਸਰੂਪ ਕਰਤਾਰਪੁਰ ਸਾਹਿਬ ਬੀੜ ਦਾ ਹੂ-ਬਹੂ ਉਤਾਰਾ ਹੈ, ਜੋ ਕਿ ਸੰਨ ੧੭੪੨ ਈ. ਵਿੱਚ ਲਿਖੀਆ ਗਇਆ ਸੀ।


ਸੰਨ ੧੭੪੬ ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)


ਸੰਨ ੧੭੬੬ ਈ. ਦੀ ਹੱਥ ਲਿਖਤ ਪੰਜ ਗ੍ਰੰਥੀ ਪੋਥੀ।


(੨)    ‘ਸੋ ਪੁਰਖੁ’ ਦੀ ਬਾਣੀ
(ਅੰਗ ੧੦-੧੨)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ…’ ਨਾਲ ‘ਆਸਾ’ ਰਾਗ ਵਿੱਚੋਂ ਤਿੰਨ ਸ਼ਬਦ ਜੋੜ ਕੇ ਇਸ ਬਾਣੀ ਨੂੰ ‘ਸੋ ਪੁਰਖੁ’ ਦਾ ਸਿਰਲੇਖ ਦਿੱਤਾ।


 ਇਹ ਪੁਰਾਤਨ ਸਰੂਪ ਦੇ ਤਤਕਰੇ ਦੀ ਤਸਵੀਰ ਹਵਾਲਾ ਦਿੰਦੀ ਹੈ ਕਿ ‘ਸੋ ਦਰੁ’ ਦੀ ਬਾਣੀ ਦੇ ਸਿਰਲੇਖ ਹੇਠ ੫ ਸ਼ਬਦ ਹਨ ਅਤੇ ‘ਸੋ ਪੁਰਖੁ’ ਦੀ ਬਾਣੀ ਦੇ ਸਿਰਲੇਖ ਹੇਠ ੪ ਸ਼ਬਦ ਹਨ।  ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ‘ਸੋ ਪੁਰਖੁ’ ਦੇ ਲਿਖੇ ਹੋਏ ਮੰਗਲ ਅਤੇ ਸਿਰਲੇਖ ਦਾ ਮਤ-ਭੇਦ ਹੈ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ, ਸੈਂਚੀਆਂ ਅਤੇ ਗੁੱਟਕਿਆਂ ਵਿੱਚ ‘ਰਾਗੁ ਆਸਾ ਮਹਲਾ ੪ ਸੋ ਪੁਰਖੁ’ ਦਾ ਸਿਰਲੇਖ ਹੈ ਅਤੇ ਫਿਰ ‘ੴ ਸਤਿਗੁਰਪ੍ਰਸਾਦਿ ॥’ ਦਾ ਮੰਗਲ ਲਿਖਿਆ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ‘ੴ ਸਤਿਗੁਰਪ੍ਰਸਾਦਿ ॥ ਰਾਗੁ ਆਸਾ ਮਹਲਾ ੪ ਸੋ ਪੁਰਖੁ ॥’ ਲਿਖਿਆ ਮਿਲਦਾ ਹੈ।


ਸੰਨ ੧੬੪੦ ਈ. ਦੀ ਭਾਈ ਬਿਧੀ ਚੰਦ ਜੀ ਵਾਲੀ ਹੱਥ ਲਿੱਖਤ ਬੀੜ ।


ਸੰਨ ੧੬੯੫ ਈ. ਦੀ ਰਾਮਰਾਇ ਵਾਲੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਇਹ ਉਸ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)


ਸੰਨ ੧੭੩੩ ਈ. ਦੀ ਮਾਈ ਦੇਸਾ ਜੀ ਵਾਲੀ ਪਾਵਨ ਬੀੜ। (ਹਵਾਲਾ: Punjab Digital Library)


ਸਿੱਖ ਰੈਫਰੇਂਸ ਲਾੲਬ੍ਰੀ ਮੁਤਾਬਕ ਇਹ ਸਰੂਪ ਕਰਤਾਰਪੁਰ ਸਾਹਿਬ ਵਾਲੀ ਬੀੜ ਦਾ ਹੂ-ਬਹੂ ਉਤਾਰਾ ਹੈ, ਜੋ ਕਿ ੧੭੪੨ ਈ. ਵਿੱਚ ਲਿਖੀਆ ਗਇਆ ਸੀ।


ਸੰਨ ੧੭੪੬ ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)


(੩)    ‘ਬੇਨਤੀ ਚੌਪਈ’ ਦੀ ਬਾਣੀ (ਦਸਮ ੧੩੮੬-੧੩੮੮)
ਪਾਇ ਗਹੈ ਜਬ ਤੇ ਤੁਮਰੇ’ ਤੋਂ ਸ਼ੁਰੂ ਹੁੰਦਾ ਸ੍ਵੈਯਾ ਅਤੇ ‘ਸਗਲ ਦੁਆਰ ਕਉ ਛਾਡਿ ਕੈ’ ਤੋਂ ਸ਼ੁਰੂ ਹੁੰਦਾ ਦੋਹਰਾ ‘ਬੇਨਤੀ ਚੌਪਈ’ ਦੀ ਬਾਣੀ ਦਾ ਹਿਸਾ ਨਹੀਂ। ਦਸਮ ਗ੍ਰੰਥ ਵਿੱਚ ਚੌਪਈ ਸਾਹਿਬ ‘ਚਰਿਤ੍ਰੋ-ਪਾਖਯਾਨ’ ਦੀ ਰਚਨਾ ਦੇ ਅੰਤ ਵਿੱਚ ਦਰਜ਼ ਹੈ ਅਤੇ ‘ਪਾਇ ਗਹੈ ਜਬ ਤੇ ਤੁਮਰੇ’ ਤੋਂ ਸ਼ੁਰੂ ਹੁੰਦਾ ਸ੍ਵੈਯਾ ਅਤੇ ਦੋਹਰਾ ‘ਰਾਮ ਅਵਤਾਰ’ ਦੀ ਰਚਨਾ ਦੇ ਅੰਤ ਵਿੱਚ ਦਰਜ਼ ਹੈ। ਪਰ ‘ਸਿੱਖ ਰਹਿਤ ਮਰਯਾਦਾ’ ਦਸਤਾਵੇਜ਼ ਅਨੁਸਾਰ ਇਹ ਸ੍ਵੈਯਾ ਅਤੇ ਦੋਹਰਾ ਰਹਿਰਾਸ ਸਾਹਿਬ ਵੇਲੇ ‘ਬੇਨਤੀ ਚੌਪਈ’ ਤੋਂ ਪਿੱਛੋਂ ਪੜ੍ਹਣ ਦੀ ਹਦਾਇਤ ਹੈ।


(੪)    ‘ਅਨੰਦੁ ਸਾਹਿਬ’ ਦੀ ਬਾਣੀ
(ਅੰਗ ੯੧੭-੯੨੨)

ਇਸ ਬਾਣੀ ਦੀਆਂ ੪੦ ਪਉੜੀਆਂ ਹਨ। ਪਰ ‘ਸਿੱਖ ਰਹਿਤ ਮਰਯਾਦਾ’ ਦਸਤਾਵੇਜ਼ ਅਨੁਸਾਰ ਸਿਰਫ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਪਾਠ ਰਹਿਰਾਸ ਸਾਹਿਬ ਵੇਲੇ ਪੜ੍ਹੇ ਜਾਣ ਬਾਰੇ ਲਿਖਿਆ ਹੈ। 


(੫)    ‘ਮੁੰਦਾਵਣੀ’ ਦੀ ਬਾਣੀ
(ਅੰਗ ੧੪੨੯)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ੍ਰੀ ਜਪੁ ਜੀ ਸਾਹਿਬ ਦੇ ਨਾਲ ਸ਼ੁਰੂ ਹੁੰਦਾ ਹੈ, ਅਤੇ ਇਸ ਹੀ ਤਰ੍ਹਾਂ ਸਿੱਖ ਦਾ ਦਿਨ ਸ੍ਰੀ ਜਪੁ ਜੀ ਸਾਹਿਬ ਨਾਲ ਸ਼ੁਰੂ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਵਿੱਚ ਮੁੰਦਾਵਣੀ ਦੀ ਬਾਣੀ ਹੈ, ਅਤੇ ਇਸ ਹੀ ਤਰ੍ਹਾਂ ਦਿਨ ਦੀ ਸਮਾਪਤੀ ਵਿੱਚ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ, ਜਿਸ ਦਾ ਮੂਲ ਪਾਠ ਮੁੰਦਾਵਣੀ ਤੇ ਸਮਾਪਤ ਹੁੰਦਾ ਹੈ। ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ‘ਮੁੰਦਾਵਣੀ’ ਨਾਮ ਦੀ ਬਾਣੀ ਦੀ ਅਰੰਭਤਾ ਦੇ ਮਤ-ਭੇਦ ਹਨ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ, ਸੈਂਚੀਆਂ ਅਤੇ ਗੁੱਟਕਿਆਂ ਵਿੱਚ ਬਿਨਾ ਮੰਗਲ ਤੋਂ ‘ਮੁੰਦਾਵਣੀ ਮਹਲਾ ਪ ॥’ ਲਿਖਿਆ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਕਿਸੇ ਵੀ ਨਵੀਂ ਬਾਣੀ, ਨਵੇਂ ਰਾਗ ਜਾਂ ਨਵੇਂ ‘ਘਰੁ’ ਦੇ ਅਰੰਭ ਤੋਂ ਪਹਿਲਾਂ ਛੋਟਾ ਮੰਗਲਾ (ਭਾਵ ‘ੴ ਸਤਿਗੁਰਪ੍ਰਸਾਦਿ’) ਲਿਖਿਆ ਮਿਲਦਾ ਹੈ। ਕਿਉਂਕਿ ‘ਮੁੰਦਾਵਣੀ’ ਇੱਕ ਬਾਣੀ ਹੈ, ਇਸ ਕਰਕੇ ਮੁੱਢਲੇ ਬੀੜਾਂ ਵਿੱਚ ‘ੴ ਸਤਿਗੁਰਪ੍ਰਸਾਦਿ॥ ਮੁੰਦਾਵਣੀ ਮਹਲਾ ੫॥’ ਲਿਖਿਆ ਮਿਲਦਾ ਹੈ। 

ਹੋਰ ਜਾਣਕਾਰੀ ਲਈ, ਦੇਖੋ:- http://manvirsingh.blogspot.com/2021/06/mundavani.html


No comments:

Post a Comment